ਸਤਿ ਸ਼੍ਰੀ ਅਕਾਲ, ਲਫ਼ਜ਼ਾਂ ਦਾ ਪੁਲ 'ਤੇ ਜੀ ਆਇਆਂ ਨੂੰ
ਲਫ਼ਜ਼ਾਂ ਦਾ ਪੁਲ ਦਾ ਸ਼ਖ਼ਸੀਅਤ ਸੈਕਸ਼ਨ ਤੁਹਾਨੂੰ ਰੂ-ਬ-ਰੂ ਕਰਵਾ ਰਿਹਾ ਹੈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਵਾਲੀਆਂ ਅਹਿਮ ਤੇ ਸਨਮਾਨਯੋਗ ਸ਼ਖਸੀਅਤਾਂ ਦੇ ਨਾਲ। ਜੇਕਰ ਤੁਹਾਡੇ ਆਲੇ ਦੁਆਲੇ ਵੀ ਕੋਈ ਅਜਿਹਾ ਸ਼ਖ਼ਸ ਹੈ ਜਾਂ ਤੁਸੀ ਕਿਸੇ ਇਤਿਹਾਸਿਕ ਸ਼ਖ਼ਸੀਅਤ ਬਾਰੇ ਲਿਖਣਾ ਚਾਹੁੰਦੇ ਹੋ ਤਾਂ ਸਾਨੂੰ ਉਸ ਬਾਰੇ ਜਾਣਕਾਰੀ ਭੇਜੋ। ਅਸੀ ਤੁਹਾਡਾ ਲੇਖ/ਇੰਟਰਵਿਊ ਤੁਹਾਡੇ ਨਾਮ ਸਹਿਤ ਪ੍ਰਕਾਸ਼ਿਤ ਕਰਾਂਗੇ। ਆਪਣੇ ਲੇਖ write@lafzandapul.com ਤੇ ਈ-ਮੇਲ ਕਰੋ।

ਕਰਤਾਰ ਸਿੰਘ ਦੁੱਗਲ ਦਾ ਜੀਵਨ ਬਿਰਤਾਂਤ

Written By ਲਫ਼ਜ਼ਾਂ ਦਾ ਸੇਵਾਦਾਰ on Friday, January 27, 2012 | 12:35 PM

ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਾਲ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ ) ਵਿਖੇ 1 ਮਾਰਚ 1917 ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ । ਇਸ ਅਦਾਰੇ ਨਾਲ ਇਹ 1942 ਤੋਂ 1966 ਤੱਕ ਵੱਖ-ਵੱਖ ਅਹੁਦਿਆਂ ‘ਤੇ ਰਹਿਕੇ ਕੰਮ ਕਰਦੇ ਰਹੇ ਅਤੇ ਸਟੇਸ਼ਨ ਡਾਇਰੈਕਟਰ ਬਣੇ।  ਇਸ ਦੌਰਾਨ ਉਹਨਾਂ ਨੇ ਪੰਜਾਬੀ ਅਤੇ ਹੋਰਨਾਂ ਭਾਸ਼ਵਾਂ ਵਿੱਚ ਪ੍ਰੋਗਰਾਮ ਬਣਾਉਣ  ਕਰਨ ਦਾ ਕਾਰਜਭਾਰ ਨਿਭਾਇਆ । ਦੁੱਗਲ 1966 ਤੋਂ 1973 ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਹੇ । ੳਹਨਾਂ ਨੇ ਸੂਚਨਾ ਅਡਵਾਈਜ਼ਰ ਵਜੋਂ ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ ) ਵਿੱਚ ਵੀ ਕੰਮ ਕੀਤਾ ।

                     ਉਹ ਕਈ ਸੰਸਥਾਵਾਂ ਦੇ ਸੰਸਥਾਪਕ ਵੀ ਸਨ, ਜਿਨ੍ਹਾਂ ਵਿੱਚ ਰਾਜਾ ਰਾਮਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ, ਇਨਸਟੀਚਿਊਟ ਆਫ਼ ਸੋਸ਼ਲ ਐਂਡ ਇਕਨੌਮਿਕ ਚੇਂਜ ਬੰਗਲੌਰ, ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਸ਼ਾਮਿਲ ਹਨ। ਉਹ ਸਾਹਿਤਕ ਖੇਤਰ ਦੀਆਂ ਕਈ ਸੰਸਥਾਵਾਂ ਦੇ ਆਹੁਦੇਦਾਰ ਵੀ ਰਹੇ । ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੌਜੂਦਾ ਪ੍ਰਧਾਨ ਸਨ ਅਤੇ 1984 ਵਿਚ ਪੰਜਾਬੀ ਯੂਨੀਵਰਸਿਟੀ ਦੇ ਨੌਮੀਨੇਟਿਡ ਫੈਲੋ ਬਣੇ । ਅਗਸਤ 1977 ਨੂੰ ਉਹਨਾਂ ਨੂੰ ਸਤਿਕਾਰ ਦਿੰਦਿਆਂ ਰਾਜ ਸਭਾ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ ।

                     ਉਹਨਾਂ ਦੀਆਂ ਰਚਨਾਵਾਂ ਵਿੱਚ ਬਰਥ ਆਫ਼ ਸੌਂਗ, ਕਮ ਬੈਕ ਮਾਈ ਮਾਸਟਰ, ਡੰਗਰ (ਐਨੀਮਲ), ਇੱਕ ਛਿੱਟ ਚਾਨਣ ਦੀ (ਵੰਨ ਡਰੌਪ ਆਫ਼ ਲਾਈਟ), ਨਵਾਂ ਘਰ (ਨਿਊ ਹਾਊਸ), ਸੋਨਾਰ ਬੰਗਲਾ (ਗੋਲਡਨ ਬੁੰਗਾਲੌਅ), ਤਰਕਾਲਾਂ ਵੇਲੇ  (ਇਨ ਦਾ ਈਵਨਿੰਗ), ਵੀਹਵੀਂ ਸਦੀ ਤੇ ਹੋਰ ਕਵਿਤਾਵਾਂ (1999), ਕੰਡੇ ਕੰਡੇ (1941) ਨਾਵਲ ਸਰਦ ਪੂਨਮ ਕੀ ਰਾਤ, ਤੇਰੇ ਭਾਣੇ, ਸਤ ਨਾਨਕ, ਬੰਦ ਦਰਵਾਜ਼ੇ (1959), ਮਿੱਟੀ ਮੁਸਲਮਾਨ ਕੀ (1999), ਫ਼ਿਲਾਸਫ਼ੀ ਐਂਡ ਫੇਥ ਆਫ਼ ਸਿੱਖਇਜ਼ਮ, ਗਿਆਨੀ ਗੁਰਮੁਖ ਸਿੰਘ ਮੁਸਾਫਿਰ ਸ਼ਾਮਿਲ ਹਨ। ਕਾਂਗਰਸ ਲਾਇਬਰੇਰੀ ਅਨੁਸਾਰ ਉਹਨਾਂ ਨੇ ਕੁੱਲ 118 ਕਿਤਾਬਾਂ ਲਿਖੀਆਂ ।

          ਉਹਨਾਂ ਨੂੰ ਪਦਮ ਭੂਸ਼ਣ,  ਸਾਹਿਤ ਅਕਾਡਮੀ ਐਵਾਰਡ, ਗਾਲਿਬ  ਐਵਾਰਡ, ਸੋਵੀਅਤ ਲੈਂਡ ਐਵਾਰਡ, ਭਾਰਤੀ  ਭਾਸ਼ਾ ਪ੍ਰੀਸ਼ਦ ਐਵਾਰਡ, ਭਾਈ ਮੋਹਣ ਸਿੰਘ ਵੈਦ ਐਵਾਰਡ, ਪੰਜਾਬੀ  ਲੇਖਕ ਆਫ਼ ਦਾ ਮਿਲੇਨੀਅਮ ਐਵਾਰਡ, ਭਾਈ ਵੀਰ ਸਿੰਘ ਐਵਾਰਡ, ਪ੍ਰਮਾਣ ਪੱਤਰ ਪੰਜਾਬ ਸਰਕਾਰ ਆਦਿ ਮਾਣ ਸਨਮਾਨ ਵੀ ਸਮੇ ਸਮੇ ਮਿਲੇ। ਉਹ ਯਾਤਰਾਵਾਂ ਕਰਨ ਦੇ ਵੀ ਬਹੁਤ ਸ਼ੁਕੀਨ ਸਨ। ਉਹਨਾਂ ਨੇ ਬੁਲਗਾਰੀਆ, ਉੱਤਰੀ ਕੋਰੀਆ, ਸੋਵੀਅਤ ਸੰਘ, ਸ਼੍ਰੀਲੰਕਾ, ਸਿੰਗਾਪੁਰ, ਟੁਨੇਸ਼ੀਆ, ਇੰਗਲੈਂਡ ਅਤੇ ਅਮਰੀਕਾ ਵਰਗੇ ਮੁਲਕਾਂ ਦੀ ਸੈਰ ਕੀਤੀ।
-ਰਣਜੀਤ ਸਿੰਘ ਪ੍ਰੀਤ, ਭਗਤਾ, ਬਠਿੰਡਾ
12:35 PM | 0 comments

ਪੰਜਾਬੀ ਗਾਇਕੀ ਦੀ ਬੁਲੰਦ ਟੁਣਕਾਰ ਸੀ ਕੁਲਦੀਪ ਮਾਣਕ

Written By ਲਫ਼ਜ਼ਾਂ ਦਾ ਸੇਵਾਦਾਰ on Thursday, December 1, 2011 | 2:27 PM

      ਮਾਂਵਾਂ  ਰੋਜ਼ ਪੁੱਤਰ ਜੰਮਦੀਆਂ ਨੇ ਪਰ ਕੁਲਦੀਪ ਮਾਣਕ ਵਾਲੀ ਰਾਤ ਸ਼ਾਇਦ ਉਹ ਇਕੱਲਾ ਹੀ ਜੰਮਿਆ ਸੀ। ਬਠਿੰਡਾ ਜ਼ਿਲ੍ਹੇ ਦੇ ਟਿੱਬਿਆਂ  ਵਾਲੇ ਪਿੰਡ ਜਲਾਲ ਵਿੱਚ। ਬਾਪ ਨੇ ਉਸ  ਨੂੰ ਲਤੀਫ਼ ਮੁਹੰਮਦ ਨਾਮ ਦਿੱਤਾ ਅਤੇ ਹਾਣੀਆਂ ਨੇ ਮਣਕਾ ਕਿਹਾ। ਉਨ੍ਹਾਂ ਦੇ ਪਿੰਡ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਆਏ ਤਾਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਲਤੀਫ਼ ਮੁਹੰਮਦ ਨੂੰ ਗੀਤ ਗਾਉਣ ਲਈ ਮੰਚ ਤੇ ਖੜ੍ਹਾ ਕੀਤਾ ਗਿਆ । ਅਧਿਆਪਕਾਂ ਨੇ ਉਸ ਦਾ ਨਾਮ ਮਣਕਾ ਉਚਾਰਿਆ ਪਰ ਬੁਲੰਦ ਆਵਾਜ਼ ਤੋਂ ਪ੍ਰਭਾਵਿਤ ਹੋ ਕੇ ਕੈਰੋਂ ਸਾਹਿਬ ਨੇ ਉਸ ਨੂੰ ਮਣਕਾ ਨਹੀਂ ਵਡਮੁੱਲਾ ਮਾਣਕ ਆਖਣ ਦਾ ਸੰਦੇਸ਼ ਦਿੱਤਾ। ਕੁਝ ਚਿਰ ਬਾਅਦ ਉਹ ਨਾਮ ਬਦਲ ਕੇ ਕੁਲਦੀਪ ਹੋ ਗਿਆ। ਕੁਲ ਦਾ ਦੀਪਕ। ਨਾਲ ਮਾਣਕ ਜੋੜ ਕੇ ਉਹ ਲੁਧਿਆਣੇ ਆ ਗਿਆ।

      ਕੁਲਦੀਪ  ਮਾਣਕ ਮੇਰੇ ਤੋਂ ਚਾਰ ਵਰ੍ਹੇ ਤੇ ਕੁਝ  ਮਹੀਨੇ ਵੱਡਾ ਸੀ। ਪੰਦਰਾਂ ਨਵੰਬਰ 1949 ਦਾ ਜੰਮਿਆ ਜਾਇਆ। 30 ਨਵੰਬਰ 2011 ਨੂੰ ਤੁਰ  ਵੀ ਗਿਆ। ਉਸ ਦੇਸ਼ ਜਿਥੋਂ ਜਾ ਕੇ ਕੋਈ ਨਹੀਂ ਪਰਤਿਆ। ਨਾ ਲਾਲ ਚੰਦ ਯਮਲਾ ਜੱਟ, ਨਾ ਨਰਿੰਦਰ ਬੀਬਾ, ਨਾ ਜਗਮੋਹਨ ਕੌਰ, ਨਾ ਹਰਚਰਨ ਗਰੇਵਾਲ, ਨਾ ਦੀਦਾਰ ਸੰਧੂ, ਨਾ ਚਾਂਦੀ ਰਾਮ, ਨਾ ਸੁਰਿੰਦਰ ਕੌਰ। ਆਪਣੇ ਵਰਗਿਆਂ ਵਿੱਚ ਜਾ ਕੇ ਚੰਨ ਤਾਰਾ ਬਣ ਗਿਆ ਹੈ। ਕੁਲਦੀਪ ਮਾਣਕ ਲੁਧਿਆਣੇ ਆ ਕੇ ਕੁਝ ਸਮਾਂ ਹਰਚਰਨ ਗਰੇਵਾਲ ਅਤੇ ਰਾਜਿੰਦਰ ਰਾਜਨ ਦਾ ਸਹਿਯੋਗੀ ਸਾਜਿੰਦਾ ਬਣਿਆ। ਬੜੀ ਮਿੱਠੀ ਢੋਲਕੀ ਵਜਾਉਂਦਾ। ਸਮਾਂ ਪੈਣ ਤੇ ਉਹ ਗਾਉਣ ਲੱਗ ਪਿਆ। ਹਰਚਰਨ ਗਰੇਵਾਲ ਦੇ ਛੋਟੇ ਵੀਰ ਕਰਮਜੀਤ ਗਰੇਵਾਲ ਨੇ ਉਸ ਨੂੰ ਥਾਪੜਾ ਦਿੱਤਾ ਅਤੇ ਜਲਦੀ ਹੀ ਉਹ ਰਿਕਾਰਡਿੰਗ ਦੇ ਰਾਹ ਤੁਰ ਪਿਆ। 1968 ਤੋਂ ਲੈ ਕੇ ਸਾਲ ਕੁ ਪਹਿਲਾਂ ਤੀਕ ਉਹ ਲਗਾਤਾਰ ਗਾਉਂਦਾ ਰਿਹਾ। ਬਚਪਨ ਤੋਂ ਹੀ ਉਸ ਦੀ ਰੁਚੀ ਲੋਕ ਗਾਇਕੀ ਵੱਲ ਸੀ। ਖੁਸ਼ੀ ਮੁਹੰਮਦ  ਕੱਵਾਲ ਕੋਲੋਂ ਦੀਖਿਆ ਲੈ ਕੇ ਉਹ ਸੰਗੀਤ ਦੇ ਪੱਕੇ ਰਾਹੀਂ ਤੁਰਿਆ। ਬਾਬੂ ਸਿੰਘ ਮਾਨ ਦੇ ਲਿਖੇ ਇਕ ਆਮ ਜਿਹੇ ਗੀਤ ਨੂੰ ਉਸ ਨੇ ਸੁਰਿੰਦਰ ਸੀਮਾ ਨਾਲ ਪਹਿਲੀ ਵਾਰ ਰਿਕਾਰਡ ਕਰਵਾਇਆ। ‘ਜੀਜਾ ਅੱਖੀਆਂ ਨਾ ਮਾਰ, ਵੇ ਮੈਂ ਕੱਲ੍ਹ ਦੀ ਕੁੜੀ', ਫਿਰ ਉਸ ਨੇ ਗੁਰਦੇਵ ਸਿੰਘ ਮਾਨ ਦਾ ਇਕ ਗੀਤ ਗਾਇਆ। ‘ਲੌਂਗ ਕਰਾ ਮਿੱਤਰਾ, ਮਛਲੀ ਪਾਉਣਗੇ ਮਾਪੇ' । ਇਹ ਦੋਵੇਂ ਗੀਤ ਉਸ ਦਾ ਚੰਗਾ ਆਰੰਭ ਤਾਂ ਬਣ ਗਏ ਪਰ ਉਸ ਦੀ ਜੀਵਨ ਰੀਤ ਨਾ ਬਣ ਸਕੇ। ਉਹ ਸਾਰਥਿਕ ਗੀਤ ਗਾਉਣਾ ਚਾਹੁੰਦਾ ਸੀ। ਆਪਣੇ ਮਿੱਤਰ ਦਲੀਪ ਸਿੰਘ ਸਿੱਧੂ ਕਣਕਵਾਲੀਆ ਨਾਲ ਰਲ ਕੇ ਉਸ ਨੇ ਬਠਿੰਡਾ ਵਿਖੇ ਗਾਇਕੀ ਦਾ ਦਫ਼ਤਰ ਖੋਲ ਲਿਆ। ਉਦੋਂ ਅਜੇ ਬਠਿੰਡਾ ਸੰਗੀਤ ਮੰਡੀ ਨਹੀਂ ਸੀ ਬਣਿਆ। ਕੁਝ ਸਮੇਂ ਬਾਅਦ ਉਹ ਲੁਧਿਆਣੇ ਆ ਗਿਆ। ਸਾਡੇ ਸਹਿਪਾਠੀ ਚਮਕੌਰ ਸਿੰਘ ਚਮਕ ਦੇ ਲਿਖੇ ਗੀਤਾਂ ਨੂੰ ਉਸ ਨੇ ਆਵਾਜ਼ ਦਿੱਤੀ ਪਰ ਰਿਕਾਰਡਿੰਗ ਕੰਪਨੀ ਨੇ ਉਹ ਗੀਤ ਰਿਲੀਜ਼ ਨਾ ਕੀਤੇ। ਉਦੋਂ ਤੀਕ ਹਰਦੇਵ ਦਿਲਗੀਰ ਨਾਲ ਉਸ ਦੀ ਬਹੁਤੀ ਨੇੜਤਾ ਨਹੀਂ ਸੀ । ਹਰਦੇਵ ਦਿਲਗੀਰ ਨੇ ਉਸ ਨੂੰ ਪੁੱਤਰਾਂ ਵਾਂਗ ਹਿੱਕ ਨਾਲ ਲਾਇਆ ਅਤੇ ਉਦਾਸੀ ਦੇ ਆਲਮ 'ਚੋਂ ਕੱਢ ਕੇ ਉਸ ਦੀ ਅਵਾਜ਼ ਵਿੱਚ ਲੋਕ ਗਾਥਾਵਾਂ ਰਿਕਾਰਡ ਕਰਨ ਲਈ ਹਿਜ ਮਾਸਟਰਜ਼ ਵਾਇਸ ਕੰਪਨੀ ਨੂੰ ਪ੍ਰੇਰਿਆ। ਉਸ ਦਾ ਕਲੀਆਂ ਦੀ ਪੇਸ਼ਕਾਰੀ ਵਾਲਾ ਪਹਿਲਾ ਰਿਕਾਰਡ ‘ਤੇਰੀ ਖਾਤਰ ਹੀਰੇ' ਸੀ । ਇਸ ਵਿੱਚ ਉਸ ਨੇ ਤੂੰਬੀ ਨਾਲ ਲੋਕ ਸਾਹਿਤ ਵੰਨਗੀਆਂ ਭਰਪੂਰ ਹਰਦੇਵ ਦਿਲਗੀਰ ਦੀਆਂ ਲਿਖੀਆਂ ਲਿਖਤਾਂ ਨੂੰ ਗਾਇਆ ਜਿਨ੍ਹਾਂ ਵਿਚੋਂ  ਪ੍ਰਸਿੱਧ ਹੋਏ ਗੀਤ ਸਨ- 

ਤੇਰੇ ਟਿੱਲੇ  ਤੋਂ ਅਹੁ ਸੂਰਤ ਦੀਂਹਦੀ ਆ ਹੀਰ ਦੀ
ਅਹੁ ਲੈ ਵੇਖ  ਗੋਰਖਾ ਉਡਦੀ ਆ ਫੁਲਕਾਰੀ।

ਛੇਤੀ ਕਰ ਸਰਬਣ ਬੱਚਾ, ਪਾਣੀ ਪਿਲਾ ਦੇ ਓ

ਗੜ ਮੁਗਲਾਣੇ  ਦੀਆਂ ਨਾਰਾਂ, ਪੀਂਘਾਂ ਝੂਟਦੀਆਂ

      ਕੁਲਦੀਪ  ਮਾਣਕ ਨੇ 1978 ਵਿੱਚ ਸਾਹਿਬਾ ਦਾ ਤਰਲਾ, ਇੱਛਰਾਂ ਧਾਹਾਂ ਮਾਰਦੀ, ਸਾਹਿਬਾਂ ਬਣੀ ਭਰਾਵਾਂ ਦੀ ਅਤੇ ਹੋਰ ਅਨੇਕਾਂ ਗੀਤ ਵਾਰੀ ਵਾਰੀ ਗਾਏ। ਕੁਲਦੀਪ ਮਾਣਕ ਇਨ੍ਹਾਂ ਸਮਿਆਂ ਦੌਰਾਨ ਗਾਇਕੀ ਦੇ ਅੰਬਰ ਦਾ ਸੂਰਜ ਬਣ ਗਿਆ। ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ, ਨੇਕੀ ਕਾਤਲ, ਮੋਹਨ ਮਸਤਾਨਾ, ਏ. ਐੱਸ. ਕੰਗ ਅਤੇ ਹੋਰ ਕਈ ਗਾਇਕਾਂ ਨੇ ਵੀ ਕੁਲਦੀਪ ਮਾਣਕ ਤੋਂ ਬਾਅਦ ਕਲੀਆਂ ਦੀ ਪੇਸ਼ਕਾਰੀ ਕਰਕੇ ਜੱਸ ਖੱਟਿਆ। ਇਸੇ ਸਮੇਂ ਦੌਰਾਨ ਕੁਲਦੀਪ ਮਾਣਕ ਦੀ ਰਿਹਾਇਸ਼ ਵੀ ਹਰਦੇਵ ਦਿਲਗੀਰ ਦੇ ਪਿੰਡ ਥਰੀਕੇ ਵਿੱਚ ਹੋ ਗਈ। ਹਰਦੇਵ ਨੇ ਹੀ ਉਸ ਨੂੰ ਸਰਬਜੀਤ ਨਾਲ ਆਪਣੇ ਹੱਥੀਂ ਵਿਆਹਿਆ। ਬਿਲਕੁਲ ਬਾਪ ਬਣ ਕੇ। ਮਾਣਕ ਵੀ ਤਾਂ ਦੇਵ ਨੂੰ ਬਾਪੂ ਹੀ ਆਖਦਾ ਸੀ। ਦੋਹਾਂ ਵਿਚਕਾਰ ਵਾਲ ਵੀ ਨਹੀਂ ਸੀ ਲੰਘਦਾ। ਕੁਲਦੀਪ ਮਾਣਕ ਸ਼ਿਵ ਕੁਮਾਰ ਬਟਾਲਵੀ ਵਾਂਗ ਪੰਜਾਬੀਆਂ ਦਾ ਲਾਡਲਾ ਗਵੱਈਆ ਸੀ। ਲਾਡਾਂ ਨੇ ਹੀ ਉਸ ਨੂੰ ਛੋਟੀ ਜ਼ਿੰਦਗੀ ਮਾਨਣ ਲਈ ਮਜਬੂਰ ਕੀਤਾ। ਮਾਣਕ ਤੁਰ ਗਿਆ ਹੈ । ਅੱਜ ਉਸ ਦੇ ਇਕੱਲੇ ਗੁਣ ਗਿਣੀਏ, ਐਬ ਤਾਂ ਨਾਲ ਹੀ ਮਰ ਮੁੱਕ ਗਏ।

      ਕੁਲਦੀਪ  ਮਾਣਕ ਦਾ ਪੁੱਤਰ ਵੀ ਨਿੱਕੇ ਹੁੰਦਿਆਂ  ਗਾਉਣ ਲੱਗ ਪਿਆ। ਬੜੇ ਚੰਗੇ ਸਕੂਲਾਂ ਵਿੱਚ ਪੜ੍ਹਨੇ ਪਾਇਆ। ਉਚੇਰੀ ਸਿੱਖਿਆ ਲਈ ਆਸਟ੍ਰੇਲੀਆ ਵੀ ਘੱਲਿਆ, ਪਰ ਉਸ ਦੀ ਸੁਰਤ ਗਾਇਕੀ ਵੱਲ ਸੀ। ਉਹ ਨਿੱਕੀ ਉਮਰੇ ਇੰਦਰਜੀਤ ਹਸਨਪੁਰੀ ਦਾ ਗੀਤ ‘ਘੁੰਮ ਨੀਂ ਭੰਬੀਰੀਏ ਗਾ ਕੇ ਟੈਲੀਵੀਜ਼ਨ ਤੇ ਪੇਸ਼ ਹੋਇਆ। ਪਿਛਲੇ ਸਾਲ ਅਚਨਚੇਤ ਉਸ ਨੂੰ ਸਰੀਰਕ ਬੀਮਾਰੀ ਨੇ ਸੁੱਟ ਲਿਆ। ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ, ਪਰ ਦਵਾਈ ਦੀ ਥਾਂ ਦੁਆ ਨੇ ਉਸ ਨੂੰ ਮੌਤ ਦੇ ਮੂੰਹ ਚੋਂ ਖਿੱਚ ਲਿਆ। ਯੁਧਵੀਰ ਮਾਣਕ ਅਜੇ ਪੂਰਾ ਤੰਦਰੁਸਤ ਨਹੀਂ ਸੀ ਹੋਇਆ ਕਿ ਕੁਲਦੀਪ ਮਾਣਕ ਮੰਜੇ ਤੇ ਪੈ ਗਿਆ। ਦੀਪ ਹਸਪਤਾਲ ਕਦੇ ਦਇਆਨੰਦ ਹਸਪਤਾਲ ਵਿੱਚ ਇਲਾਜ ਚਲਦਾ ਰਿਹਾ। ਸੂਬਾ ਸਰਕਾਰ ਨੇ ਵੀ ਉਸ ਦੇ ਇਲਾਜ ਲਈ ਯੋਗ ਵਾਹ ਲਾਈ ਪਰ ਜ਼ਿੰਦਗੀ ਹਾਰ ਗਈ ਅਤੇ ਮੌਤ ਜਿੱਤ ਗਈ। ਉਸ ਦੇ ਸ਼ਾਗਿਰਦਾਂ ਨੇ ਹਰ ਤਰ੍ਹਾਂ ਨਾਲ ਉਸ ਦੀ ਮਦਦ ਕੀਤੀ। ਹੰਸ ਰਾਜ ਹੰਸ, ਮਲਕੀਤ ਸਿੰਘ, ਮੀਕਾ, ਜੈਜੀ ਬੈਂਸ, ਜੱਸੀ ਅਤੇ ਪੰਮੀ ਬਾਈ ਉਸ ਲਈ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਬਰ ਤਿਆਰ ਸਨ ਪਰ ਮੌਤ ਡਾਢੀ ਅੱਗੇ ਸਭ ਨਿਹੱਥੇ ਖੜ੍ਹੇ ਸਨ।
     ਮਾਣਕ  ਸਾਡੇ ਪੰਜਾਬ ਦਾ ਅਸਲ ਪੁੱਤਰ ਸੀ।  ਅਸਲ ਪੰਜਾਬੀ। ਜਿਸ ਵਿੱਚ ਧਰਮ, ਜਾਤ ਬਿਲਕੁਲ ਅਰਥਹੀਣੇ ਸਨ। ਉਹ ਲਤੀਫ਼ ਮੁਹੰਮਦ ਬਣ ਕੇ ਜੰਮਿਆ, ਕੁਲਦੀਪ ਮਾਣਕ ਬਣ ਕੇ ਜੀਵਿਆ, ਪਾਕ ਕੁਰਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸਵਾਸ਼ੀ । ਜ਼ਿੰਦਗੀ 'ਚ ਹਰ ਗਾਇਕੀ ਪ੍ਰੋਗਰਾਮ ਦਾ ਆਰੰਭ ਬੰਦਾ ਬਹਾਦਰ ਦੀ ਵਾਰ ਨਾਲ ਕਰਨ ਵਾਲਾ ਕੁਲਦੀਪ ਮਾਣਕ ਸਿਰਫ ਧਰਤੀ ਵਿੱਚ ਸਮਾ ਜਾਵੇਗਾ, ਉਸੇ ਜਲਾਲ ਪਿੰਡ ਦੀ ਮਿੱਟੀ ਵਿੱਚ ਜਿਥੇ ਉਹ ਜੰਮਿਆ ਸੀ। ਜਿਸ ਪਿੰਡ ਵਿੱਚ 1992 ਦੌਰਾਨ ਕੌਮੀ ਸਾਹਿਤ ਅਤੇ ਕਲਾ ਪ੍ਰੀਸ਼ਦ ਵੱਲੋਂ ਡਾਕਟਰ ਰਣਜੀਤ ਸਿੰਘ ਅਤੇ ਸਤਬੀਰ ਸਿੰਘ ਸਿੱਧੂ ਦੇ ਯਤਨਾਂ ਨਾਲ ਉਸ ਨੂੰ ਡੇਢ ਲੱਖ ਲੋਕਾਂ ਦੀ ਹਾਜ਼ਰੀ ਵਿੱਚ ਕਾਰ ਭੇਂਟ ਕੀਤੀ ਗਈ ਸੀ। ਬੁੱਲ੍ਹੇ ਸ਼ਾਹ ਦੀ ਕਾਫ਼ੀ ਫਿਰ ਹਵਾ ਵਿੱਚ ਗੂੰਜੇਗੀ। ਬੁੱਲ੍ਹਾ ਕੀ ਜਾਣਾ ਮੈਂ ਕੌਣ? ਇਸ ਸੁਆਲ ਦਾ ਉੱਤਰ ਮੇਰੇ ਕੋਲ ਨਹੀਂ ਹੈ। ਸਰਬਜੀਤ ਉਸ ਦੀ ਜੀਵਨ ਜੋਤ ਨੂੰ ਦੋਹਾਂ ਹੱਥਾਂ ਨਾਲ ਸਾਰੀ ਜ਼ਿੰਦਗੀ ਬੁਝਣ ਤੋਂ ਬਚਾਉਂਦੀ ਰਹੀ, ਪਰ ਸੁਰਜੀਤ ਪਾਤਰ ਦੀ ਗਜ਼ਲ ਦੇ ਸ਼ੇਅਰ ਵਾਂਗ  ਉਹ ਸਾਨੂੰ ਅਲਵਿਦਾ ਕਹਿ ਗਿਆ।

ਮੈਂ ਥੰਮਦਾ  ਝੁਲਸ ਗਿਆ, ਅਸਤ ਹੁੰਦੇ ਸੂਰਜ ਨੂੰ,
ਉਹ  ਫਿਰ ਵੀ ਗਰਕ ਗਿਆ, ਨੇਰ੍ਹਿਆਂ ਦੇ ਸ਼ਹਿਰ ਅੰਦਰ।

ਕੁਲਦੀਪ ਮਾਣਕ ਦੇ ਗਾਏ ਗੀਤਾਂ ਨੂੰ ਅੱਜ ਸ਼ਾਮ ਫਿਰ ਸੁਣਾਂਗਾ, ਵਾਰ ਵਾਰ ਸੁਣਾਂਗਾ, ਸ਼ਬਦਾਂ ਚੋਂ ਕੁਲਦੀਪ ਲੱਭਾਂਗਾ। ਮਾਣਕ ਲੱਭਾਂਗਾ। ਹੁਣ ਇਹੀ ਤਾਂ ਸਾਡੇ ਕੋਲ ਬਾਕੀ ਰਹਿ ਗਿਆ ਹੈ।

ਇੱਛਰਾਂ ਧਾਹਾਂ ਮਾਰਦੀ

-ਗੁਰਭਜਨ ਸਿੰਘ ਗਿੱਲ
ਪ੍ਰਧਾਨ, ਪੰਜਾਬੀ ਸਾਹਿਤ  ਅਕੈਡਮੀ, ਲੁਧਿਆਣਾ।
2:27 PM | 2 comments

ਬਿਨ ਪਰੋਂ ਪਰਵਾਜ਼ ਹਰਪਿੰਦਰ ਰਾਣਾ

Written By ਲਫ਼ਜ਼ਾਂ ਦਾ ਸੇਵਾਦਾਰ on Monday, August 8, 2011 | 1:59 PM





ਹਿੰਮਤ ਮਨੁੱਖ ਦੀ ਅਜਿਹੀ ਜਾਦੂਈ ਸ਼ਕਤੀ ਹੈ ਜਿਸ ਨਾਲ ਉਹ ਅਸੰਭਵ ਤੋਂ ਸੰਭਵ ਬਣਾ ਸਕਦਾ ਹੈ। ਅਜਿਹੀ ਹੀ ਹਿੰਮਤੀ ਸ਼ਾਇਰਾ ਦਾ ਨਾਂ ਹੈ ਹਰਪਿੰਦਰ ਰਾਣਾ। ਹਰਪਿੰਦਰ ਰਾਣਾ ਦਾ ਜਨਮ 28 ਸਤੰਬਰ 1974 ਨੂੰ ਸਾਧੂ ਸਿੰਘ ਦੇ ਘਰ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ।
ਡਾਕਟਰਾਂ ਦੀ ਗਲਤੀ ਕਾਰਨ ਉਹ ਦੋਵੇਂ ਲੱਤਾਂ ਤੋਂ ਅਪਾਹਜ ਵ੍ਹੀਲ ਚੇਅਰ ’ਤੇ ਆ ਗਈ। ਉਸ ਦੇ ਦੋਵੇਂ ਹੱਥਾਂ ਦੀਆਂ ਵੀ ਚਾਰ ਉਂਗਲਾਂ ਹੀ ਕੰਮ ਕਰਦੀਆਂ ਹਨ ਪਰ ਇਹ ਕੁਝ ਹੋਣਾ ਵੀ ਉਸ ਅੱਗੇ ਰੁਕਾਵਟ ਨਾ ਬਣ ਸਕਿਆ ਤੇ ਉਸ ਨੇ ਬਿਨਾਂ ਪਰੋਂ ਹੀ ਅੰਬਰਾਂ ’ਚ ਅਜਿਹੀ ਪਰਵਾਜ਼ ਭਰੀ ਕਿ ਸਭ ਹੈਰਾਨ ਰਹਿ ਗਏ। ਹੁਣ ਉਹ ਐਮ.ਏ., ਬੀ.ਐੱਡ., ਪੀ.ਜੀ.ਡੀ.ਸੀ.ਏ. ਕਰਕੇ ਸਰਕਾਰੀ ਹਾਈ ਸਕੂਲ ਸੰਗੂਧੌਣ ਵਿਖੇ ਬਤੌਰ ਅਧਿਆਪਕਾ ਪੜ੍ਹਾ ਰਹੀ ਹੈ।
ਹਰਪਿੰਦਰ ਰਾਣਾ ਨੇ ਆਪਣੇ ਪਹਿਲੇ ਕਾਵਿ ਸੰਗ੍ਰਹਿ ‘ਬਿਨ ਪਰੋਂ ਪਰਵਾਜ਼’ ਨਾਲ ਸਾਹਿਤ ਦੇ ਖੇਤਰ ਵਿਚ ਪੱਕਾ ਪੈਰ ਰੱਖਿਆ ਸੀ ਜਿਸ ਨਾਲ ਉਹ ਕਵਿਤਰੀ ਦੇ ਤੌਰ ’ਤੇ ਚਰਚਾ ਵਿਚ ਆ ਗਈ ਸੀ। ਉਸ ਦੀਆਂ ਕਵਿਤਾਵਾਂ, ਗਜ਼ਲਾਂ ਵਿਚ ਜ਼ਿੰਦਗੀ ਦੀ ਸੱਚਾਈ ਹੈ। ਹਿੰਮਤ ਦੀ ਦਾਦ ਹੈ। ਕੁਝ ਕਰ ਗੁਜ਼ਰਨ ਦੀ ਤਮੰਨਾ ਹੈ। ਹਨੇਰਿਆਂ ਨੂੰ ਚੀਰਨ ਦੀ ਸ਼ਕਤੀ ਹੈ। ਉਸ ਦਾ ਹਰ ਸ਼ਬਦ ਸੱਚ ਬੋਲਦਾ ਹੈ। ਉਹ ‘ਸੁਖਨ ਸੁਨੇਹੇ’ ਮੰਚ ਦੀ ਪ੍ਰਧਾਨ ਵੀ ਹੈ ਤੇ ਹਰ ਮਹੀਨੇ ਦੇ ਆਖਰੀ ਐਤਵਾਰ ਮਹਿਫਲ-ਏ-ਸ਼ਾਇਰੀ ਪ੍ਰੋਗਰਾਮ ਕਰਵਾਉਂਦੀ ਹੈ। ਇਸ ਮੰਚ ਦੇ ਨਾਂ ’ਤੇ ਹੁਣੇ-ਹੁਣ ਉਨ੍ਹਾਂ ਨੇ ‘ਸੁਖਨ-ਸੁਨੇਹੇ’ ਮੈਗਜ਼ੀਨ ਦੀ ਸ਼ੁਰੂਆਤ ਵੀ ਕੀਤੀ ਹੈ।
ਉਹ ਪੰਜਾਬੀ ਮਾਂ ਬੋਲੀ ਦੀ ਅਣਥੱਕ ਧੀ ਹੈ, ਜਿਸ ਦਾ ਸੁਪਨਾ ਨਵੀਂ ਪੀੜ੍ਹੀ ਵਿਚ ਪੁਸਤਕ ਸੱਭਿਆਚਾਰ ਪੈਦਾ ਕਰਨਾ ਹੈ। ਆਪਣੇ ਇਸ ਸੁਪਨੇ ਨੂੰ ਲੈ ਕੇ ਉਹ ਵਿਦਿਆਰਥੀਆਂ ਲਈ ਪੁਸਤਕ ਮੇਲੇ ਲਗਵਾਉਂਦੀ ਹੈ ਅਤੇ ਸਾਹਿਤਕ ਸੈਮੀਨਾਰ ਕਰਵਾਉਂਦੀ ਹੈ। ਹਰਪਿੰਦਰ ਰਾਣਾ ਨੇ ਦੱਸਿਆ ਕਿ ਉਹ ਉਰਦੂ ਸ਼ਾਇਰ ਜਨਾਬ ਸਤੀਸ਼ ‘ਬੇਦਾਗ਼’ ਸਾਹਿਬ ਤੋਂ ਗਜ਼ਲ ਦਾ ਪਿੰਗਲ ਅਰੂਜ਼ ਸਿੱਖ ਰਹੀ ਹੈ। ਏਨੇ ਰੁਝੇਵਿਆਂ ਦੇ ਬਾਵਜੂਦ ਉਸ ਦੀ ਕਲਮ ਬੇਰੋਕ ਚੱਲ ਰਹੀ ਹੈ। ਉਹ ਹੁਣ ਉਰਦੂ ਸ਼ਾਇਰ ਅਲਤਾਫ਼ ਹੁਸੈਨ ‘ਹਾਲੀ’ ਪਾਨੀਪਤ ਦੀ ਸ਼ਾਇਰੀ ਨੂੰ ਪੰਜਾਬੀ ਵਿਚ ਲਿਪੀਅੰਤਰ ਕਰ ਰਹੀ ਹੈ।
ਹਰਪਿੰਦਰ ਰਾਣਾ ਦੇ ਅਨੇਕਾਂ ਲੇਖ, ਗਜ਼ਲਾਂ, ਕਵਿਤਾਵਾਂ ਪੰਜਾਬੀ ਦੇ ਚੋਟੀ ਦੇ ਅਖ਼ਬਾਰਾਂ ਅਤੇ ਸਾਹਿਤਕ ਮੈਗਜ਼ੀਨਾਂ ਵਿਚ ਛਪ ਚੁੱਕੇ ਹਨ। ਉਸ ਦੀ ਕੋਸ਼ਿਸ਼ ਤੇ ਮਿਹਨਤ ਤੋਂ ਪ੍ਰਤੱਖ ਦਿੱਸਦਾ ਹੈ ਕਿ ਇਕ ਦਿਨ ਪੰਜਾਬ ਦੀ ਇਹ ਧੀ ਸਾਹਿਤ ਦੇ ਖੇਤਰ ਵਿਚ ਪੰਜਾਬ ਦਾ ਨਾਂ ਜ਼ਰੂਰ ਚਮਕਾਏਗੀ।

-ਪਰਗਟ ਸਿੰਘ ਸਤੌਜ
1:59 PM | 1 comments

ਬਾਲ ਮਨਾਂ ਦਾ ਸਿਰਜਕ ਕਰਨੈਲ ਸਿੰਘ ਸੋਮਲ

Written By ਲਫ਼ਜ਼ਾਂ ਦਾ ਸੇਵਾਦਾਰ on Monday, August 1, 2011 | 12:15 PM



      ਪੰਜਾਬੀ ਸਾਹਿਤ 'ਚ ਡਾ. ਕਰਨੈਲ ਸਿੰਘ ਸੋਮਲ ਕਿਸੇ ਵਿਸ਼ੇਸ਼ ਜਾਣ-ਪਹਿਚਾਣ ਦੇ ਮੁਥਾਜ ਨਹੀਂ।  ਉਹ 2005 ਤੋਂ ਆਪਣੀਆਂ ਨਰੋਈਆਂ ਲਿਖਤਾਂ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਭਾਅ ਰਹੇ ਹਨ।
      ਡਾ. ਕਰਨੈਲ ਸਿੰਘ ਸੋਮਲ ਦਾ ਜਨਮ 28 ਸਤੰਬਰ 1940 ਨੂੰ  ਪਿੰਡ ਕਲੌੜ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਹੋਇਆ। ਉਨ੍ਹਾਂ ਮੁੱਢਲੀ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਐਮ. ਏ. (ਪੰਜਾਬੀ, ਹਿੰਦੀ) ਕਰਨ ਤੋਂ ਬਾਅਦ ਪੀ.ਐੱਚ. ਡੀ. ਕੀਤੀ।  ਡਾ. ਕੇਸਰ ਸਿੰਘ ਕੇਸਰ ਦੀ ਪ੍ਰੇਰਨਾ ਨਾਲ ਉਨ੍ਹਾਂ ਪੰਜਾਬੀ ਸਾਹਿਤ ਸਿਰਜਣਾ ਵਿਚ ਪ੍ਰਵੇਸ਼ ਕੀਤਾ। ਉਨ੍ਹਾਂ ਅਧਿਆਪਕ ਵਜੋਂ ਆਪਣਾ ਜੀਵਨ ਸ਼ੁਰੂ ਕੀਤਾ ਅਤੇ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ‘ਭਾਸ਼ਾ ਮਾਹਿਰ ਪੰਜਾਬੀ' ਵਜੋਂ ਨਿਯੁਕਤ ਹੋਏ। ਇਥੇ ਉਨ੍ਹਾਂ ਵਿਦਿਆਰਥੀਆਂ ਲਈ ਚਾਰ ਕਿਤਾਬਾਂ ਲਿਖੀਆਂ। ਇਸ ਤੋਂ ਇਲਾਵਾ ਉਨ੍ਹਾਂ 24 ਬਾਲ ਪੁਸਤਕਾਂ ਅਤੇ ਸਾਹਿੱਤਕ ਨਿਬੰਧਾਂ ਦੀਆਂ ਪੰਜ ਪੁਸਤਕਾਂ ਰਚੀਆਂ। ਉਨ੍ਹਾਂ ਨੂੰ ਬਾਲ-ਮਨੋਵਿਗਿਆਨ ਦੀ ਡੂੰਘੀ ਸਮਝ ਹੈ। ਉਨ੍ਹਾਂ ਇਤਿਹਾਸ, ਮਿਥਿਹਾਸ ਅਤੇ ਬਾਲ ਮਨੋ-ਵਿਗਿਆਨ ਨੂੰ ਆਪਣੀਆਂ ਕਹਾਣੀਆ ਦਾ ਮੂਲ ਵਿਸ਼ਾ ਬਣਾਇਆ। ਇਸੇ ਕਰਕੇ ਉਨ੍ਹਾਂ ਦੀਆਂ ਬਾਲ ਪੁਸਤਕਾਂ ਪੰਜਾਬੀ ਸਾਹਿਤ ਵਿਚ ਪ੍ਰਵਾਣਿਤ ਹੋਈਆਂ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਉਨ੍ਹਾਂ ਦੀ ਪੁਸਤਕ ‘ਇਸ ਘੋੜੇ ਦੀਆਂ ਵਾਗਾਂ ਫੜੋ' ਨੂੰ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ (ਸਾਲ 2008) ਪ੍ਰਦਾਨ ਕੀਤਾ ਗਿਆ।

-ਸੁਖਦੇਵ ਸਿੰਘ
12:15 PM | 0 comments

ਪਾਠਕ

ਸੱਥ

ਲਾਇਬ੍ਰੇਰੀ

ਮਦਦ

ਕਵਿਤਾਵਾਂ

ਕਾਵਿ-ਸੰਵਾਦ

ਡਾਇਰੀ

ਰੇਡੀਓ

ਆਪਣੀ ਪਸੰਦ ਚੁਣੋ